ਚੰਡੀਗੜ੍ਹ ਸੰਜੀਵ ਮਹਿਤਾ .ਕਾਂਗਰਸ ਵੱਲੋਂ ਪੰਜਾਬ ਵਿਚ 4 ਵਿਧਾਨ ਸਭਾ ਹਲਕਿਆਂ ‘ਚ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਦੀ ਤਾਰੀਖ਼ ਅੱਗੇ ਪਾਉਣ ਦੀ ਅਪੀਲ ਕੀਤੀ ਗਈ ਹੈ। ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਇਸ ਬਾਬਤ ਭਾਰਤੀ ਚੋਣ ਕਮਿਸ਼ਨ ਨੂੰ ਪੱਤਰ ਵੀ ਲਿਖਿਆ ਹੈ। ਦੱਸ ਦਈਏ ਕਿ ਪੰਜਾਬ ਵਿਚ ਚਾਰ ਵਿਧਾਨ ਸਭਾ ਹਲਕਿਆਂ- ਡੇਰਾ ਬਾਬਾ ਨਾਨਕ, ਗਿੱਦੜਬਾਹਾ, ਬਰਨਾਲਾ ਅਤੇ ਚੱਬੇਵਾਲ ‘ਤੇ ਜ਼ਿਮਨੀ ਚੋਣ ਹੋਣੀ ਹੈ। ਇਸ ਲਈ ਚੋਣ ਕਮਿਸ਼ਨ ਵੱਲੋਂ 13 ਨਵੰਬਰ ਨੂੰ ਵੋਟਿੰਗ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। 

ਪ੍ਰਤਾਪ ਸਿੰਘ ਬਾਜਵਾ ਨੇ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਇਨ੍ਹਾਂ ਚੋਣਾਂ ਦੀ ਤਾਰੀਖ਼ ਅੱਗੇ ਪਾ ਦਿੱਤੀ ਜਾਵੇ। ਉਨ੍ਹਾਂ ਲਿਖਿਆ ਕਿ 15 ਨਵੰਬਰ ਨੂੰ ਪੰਜਾਬ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਇਹ ਸ਼ੁੱਭ ਦਿਹਾੜਾ ਸਿਰਫ਼ ਸਿੱਖ ਭਾਈਚਾਰੇ ਲਈ ਹੀ ਨਹੀਂ ਸਗੋਂ ਹੋਰ ਧਰਮਾਂ ਲਈ ਵੀ ਬੜਾ ਮਹੱਤਵ ਰੱਖਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨਾਲ ਸਬੰਧਤ ਸਮਾਗਮ 3 ਦਿਨ ਤਕ ਚੱਲਦੇ ਹਨ, ਜਿਸ ਦੀ ਸ਼ੁਰੂਆਤ ਸ੍ਰੀ ਅਖੰਡ ਪਾਠ ਨਾਲ ਹੁੰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੀ ਸ਼ੁਰੂਆਤ 13 ਨਵੰਬਰ ਨੂੰ ਹੋਵੇਗੀ, ਉਸੇ ਦਿਨ ਹੀ ਪੰਜਾਬ ਵਿਚ ਚੋਣਾਂ ਦਾ ਐਲਾਨ ਕੀਤਾ ਗਿਆ ਹੈ। ਇਹ ਪਵਿੱਤਰ ਸਮਾਗਮ ਸੂਬੇ ਅਤੇ ਦੇਸ਼ ਦੇ ਹਜ਼ਾਰਾਂ ਗੁਰਦੁਆਰਿਆਂ ਵਿਚ ਹੁੰਦੇ ਹਨ, ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤ ਪਹੁੰਚਦੀ ਹੈ। ਪਰਿਵਾਰ ਘਰਾਂ ਵਿਚ ਵੀ ਇਨ੍ਹਾਂ ਧਾਰਮਿਕ ਕਾਰਜਾਂ ਦੀਆਂ ਤਿਆਰੀਆਂ ਕਰਦੇ ਹਨ। 

ਬਾਜਵਾ ਨੇ ਕਿਹਾ ਕਿ ਇਸ ਨਾਲ ਵੋਟਰ ਟਰਨਆਊਟ ਨੂੰ ਪ੍ਰਭਾਵਿਤ ਹੋ ਸਕਦਾ ਹੈ। ਇਸ ਤੋਂ ਇਲਾਵਾ, ਚੋਣਾਂ ਤੋਂ ਪਹਿਲਾਂ ਦੇ ਹਫ਼ਤੇ ਵੀ ਤਿਉਹਾਰਾਂ ਦੇ ਦਿਨਾਂ ਵਿਚ ਲੰਘਣਗੇ। ਦੀਵਾਲੀ ਦੇ ਤਿਉਹਾਰ ਮਗਰੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਵਿਚ ਵੀ ਰੁਝੇਵੇਂ ਰਹਿਣਗੇ। ਇਸ ਲਈ ਮੈਂ ਚੋਣ ਕਮਿਸ਼ਨ ਨੂੰ ਸ਼ਰਧਾਪੂਰਵਕ ਬੇਨਤੀ ਕਰਦਾ ਹਾਂ ਕਿ ਚੋਣਾਂ ਨੂੰ 15 ਨਵੰਬਰ ਤੋਂ ਬਾਅਦ ਕਿਸੇ ਅੱਗੇ ਦੀ ਤਾਰੀਖ਼ ‘ਤੇ ਮੁਲਤਵੀ ਕਰ ਦਿੱਤਾ ਜਾਵੇ। ਇਸ ਨਾਲ ਨਾ ਸਿਰਫ ਲੱਖਾਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਆਦਰ ਹੋਵੇਗਾ, ਸਗੋਂ ਇਸ ਮਹੱਤਵਪੂਰਨ ਲੋਕਤੰਤਰੀ ਪ੍ਰਕਿਰਿਆ ਵਿੱਚ ਵੀ ਪੂਰੀ ਭਾਗੀਦਾਰੀ ਨੂੰ ਯਕੀਨੀ ਬਣਾਇਆ ਜਾ ਸਕੇਗਾ