ਡੇਰਾ ਬਾਬਾ ਨਾਨਕ ਸੰਜੀਵ ਮਹਿਤਾ ਸਿੱਖ ਪੰਥ ਦੀ,ਸਿਰਮੌਰ,ਸਤਿਕਾਰਤ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਦੋਸ਼ੀ ਪਾਏ ਜਾਣ ਬਾਅਦ ਤਨਖਾਹੀਆ ਕਰਾਰ ਦਿੱਤੇ ਜਾਣ ‘ਤੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਥ ਨਾਲ ਧ੍ਰੋਹ ਕਮਾਉਣ ਵਾਲਿਆਂ ਨੂੰ ਸਰਵ ਸਮਰੱਥ ਗੁਰੂ ਸਾਹਿਬ ਅਤੇ ਗੁਰੂ ਸਾਹਿਬ ਦਾ ਸਾਜਿਆ ਪੰਥ ਕਦੇ ਵੀ ਮੁਆਫ਼ ਨਹੀਂ ਕਰਨਗੇ। ਸੁਖਬੀਰ ਸਿੰਘ ਬਾਦਲ ਅਤੇ ਉਸਦੇ ਸਾਥੀ ਅਕਾਲੀ ਆਗੂਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਖ਼ੁਦ ਦੇ ਗੁਨਾਹਾਂ ਦਾ ਇਕਬਾਲ ਕਰਨਾ ਆਪਣੇ ਆਪ ਵਿੱਚ ਮਾਇਨੇ ਰੱਖਦਾ ਹੈ ਜਿਸ ਨੂੰ ਸਿੱਖ ਕੌਮ ਕਦੇ ਭੁਲਾ ਨਹੀਂ ਸਕਦੀ। ਸ਼੍ਰੋਮਣੀ ਅਕਾਲੀ ਦਲ ਨੂੰ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਕਹਿਣ ਵਾਲੇ ਅਕਾਲੀ ਆਗੂਆਂ ਤੋਂ ਸਿੱਖ ਸੰਗਤ ਤਾਂ ਕੀ ਕਿਸੇ ਨੂੰ ਵੀ ਇਹ ਉਮੀਦ ਨਹੀਂ ਸੀ ਕਿ ਸਿਆਸੀ ਲਾਹੇ ਲਈ ਉਹ ਇਸ ਕਦਰ ਗੁਰੂ ਸਾਹਿਬ ਅਤੇ ਗੁਰੂ ਦੇ ਸਾਜੇ ਪੰਥ ਨਾਲ ਧ੍ਰੋਹ ਕਮਾਉਣਗੇ।ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਆਏ ਅੱਜ ਦੇ ਮਿਸਾਲੀ ਫੈਸਲੇ ਨੇ ਸਿੱਖ ਸੰਗਤ ਨੂੰ ਸਿੱਖ ਪਾਰਲੀਮੈਂਟ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਗਰਿਮਾ ਅਤੇ ਗੌਰਵ ਦਾ ਭਾਵੁਕ ਪੱਧਰ ‘ ਤੇ ਅਹਿਸਾਸ ਕਰਵਾਇਆ ਹੈ।