ਨਵੀਂ ਦਿੱਲੀ ਸੰਜੀਵ ਮਹਿਤਾ. ਹਰਿਆਣਾ ਵਿੱਚ ਕਾਂਗਰਸ ਨਾਲ ਗਠਜੋੜ ਦੀਆਂ ਚੱਲ ਰਹੀਆਂ ਕੋਸ਼ਿਸ਼ਾਂ ਵਿਚਕਾਰ, ਆਮ ਆਦਮੀ ਪਾਰਟੀ (AAP) ਦੇ ਇੱਕ ਵਿਧਾਇਕ ਨੇ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨਾਲ ਗਠਜੋੜ ਦੇ ਪ੍ਰਭਾਵ ਦਾ ਮੁਲਾਂਕਣ ਕਰਨ ਦਾ ਮੁੱਦਾ ਉਠਾਇਆ ਹੈ। ਪਾਰਟੀ ਦੇ ਸੀਨੀਅਰ ਨੇਤਾ ਅਤੇ ਮਾਲਵੀਆ ਨਗਰ ਦੇ ਵਿਧਾਇਕ ਸੋਮਨਾਥ ਭਾਰਤੀ ਨੇ ਪਾਰਟੀ ਨੂੰ ਇਸ ਮਾਮਲੇ ‘ਤੇ ਇਕ ਵਾਰ ਵਿਚਾਰ ਕਰਨ ਦੀ ਅਪੀਲ ਕੀਤੀ ਹੈ।

ਭਾਰਤੀ ਨੇ ਐਕਸ ‘ਤੇ ਇਕ ਲੰਬੀ ਪੋਸਟ ‘ਚ ਕਿਹਾ ਹੈ ਕਿ ਮੇਰੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ ‘ਚ ਕਾਂਗਰਸ ਦੇ ਤਿੰਨੋਂ ਉਮੀਦਵਾਰਾਂ ਲਈ ਰੋਡ ਸ਼ੋਅ ਕੀਤਾ। ‘ਆਪ’ ਦੇ ਸੀਨੀਅਰ ਆਗੂਆਂ ਅਤੇ ਕੈਬਨਿਟ ਮੰਤਰੀਆਂ ਨੇ ਤਿੰਨੋਂ ਕਾਂਗਰਸੀ ਉਮੀਦਵਾਰਾਂ ਲਈ ਚੋਣ ਪ੍ਰਚਾਰ ਕੀਤਾ ਪਰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਖਾਸ ਕਰ ਕੇ ਮੈਨੂੰ ਦਿੱਲੀ ਕਾਂਗਰਸ ਅਤੇ ਸਥਾਨਕ ਆਗੂਆਂ ਵੱਲੋਂ ਕੋਈ ਸਮਰਥਨ ਨਹੀਂ ਮਿਲਿਆ।

ਪਾਰਟੀ ਨੂੰ ਆਪਣੇ ਦਮ ‘ਤੇ ਚੋਣ ਲੜਨੀ ਚਾਹੀਦੀ

ਇੰਨਾ ਹੀ ਨਹੀਂ ਕਾਂਗਰਸ ਦੇ ਉੱਘੇ ਨੇਤਾਵਾਂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਜਾਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਾਂਗਰਸ ਦੇ ਵੋਟਰਾਂ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਲਈ ਸਾਡੇ ਸੰਸਦੀ ਹਲਕਿਆਂ ਵਿੱਚ ਪ੍ਰੋਗਰਾਮ ਨਹੀਂ ਕਰਵਾਏ। ਉਨ੍ਹਾਂ ਕਿਹਾ ਕਿ ‘ਆਪ’ ਸਮਰਥਕ ਅਜਿਹੇ ਬੇਮੇਲ ਅਤੇ ਸੁਆਰਥੀ ਗਠਜੋੜ ਦੇ ਹੱਕ ਵਿੱਚ ਨਹੀਂ ਹਨ ਅਤੇ ਉਨ੍ਹਾਂ ਨੇ ਸੁਝਾਅ ਦਿੱਤਾ ਕਿ ਪਾਰਟੀ ਨੂੰ ਹਰਿਆਣਾ, ਪੰਜਾਬ ਅਤੇ ਦਿੱਲੀ ਦੀਆਂ ਸਾਰੀਆਂ ਸੀਟਾਂ ‘ਤੇ ਆਪਣੇ ਦਮ ‘ਤੇ ਚੋਣ ਲੜਨੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਭਾਜਪਾ ਅਤੇ ਕਾਂਗਰਸ ਮੌਤ ਦੇ ਬਿਸਤਰੇ ‘ਤੇ ਹਨ, ਕਾਂਗਰਸ ਵਿਚ ਭਾਰੀ ਕਲੇਸ਼ ਹੈ ਅਤੇ ਹਰਿਆਣਾ ਅਰਵਿੰਦ ਕੇਜਰੀਵਾਲ ਦਾ ਗ੍ਰਹਿ ਰਾਜ ਹੈ। ਹਰਿਆਣੇ ਵਿੱਚ ਪਹਿਲੀ ਗੈਰ-ਭਾਜਪਾ ਅਤੇ ਗੈਰ-ਕਾਂਗਰਸੀ ਇਮਾਨਦਾਰ ਸਰਕਾਰ ਦੇਣ ਲਈ ਆਮ ਆਦਮੀ ਪਾਰਟੀ ਨੂੰ ਸਾਰੀਆਂ 90 ਸੀਟਾਂ ‘ਤੇ ਆਪਣੇ ਦਮ ‘ਤੇ ਚੋਣ ਲੜਨੀ ਚਾਹੀਦੀ ਹੈ।

ਅਜੇ ਮਾਕਨ ਨੇ ਸ਼ਰਾਬ ਘੁਟਾਲੇ ਦੀ ਰਚੀ ਸੀ ਸਾਜ਼ਿਸ਼

ਉਨ੍ਹਾਂ ਕਿਹਾ ਕਿ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਿਸ ਕਾਲਪਨਿਕ ਸ਼ਰਾਬ ਘੁਟਾਲੇ ਨੇ ਭਾਜਪਾ ਨੂੰ ਸਾਡੇ ਨੇਤਾਵਾਂ ਨੂੰ ਮਹੀਨਿਆਂ ਅਤੇ ਸਾਲਾਂ ਤੱਕ ਗ੍ਰਿਫ਼ਤਾਰ ਕਰਨ ਦਾ ਮੌਕਾ ਦਿੱਤਾ ਸੀ, ਉਸ ਨੂੰ ਮਾਕਨ ਨੇ ਰਚਿਆ ਸੀ ਅਤੇ ਸਖ਼ਤੀ ਨਾਲ ਕਾਰਵਾਈ ਕੀਤੀ ਸੀ। ਜਦੋਂ ‘AAP’ ਨੂੰ ਹਰਾਉਣ ਦੀ ਗੱਲ ਆਉਂਦੀ ਹੈ ਤਾਂ ਭਾਜਪਾ ਅਤੇ ਕਾਂਗਰਸ ਦੋਵੇਂ ਮਿਲ ਕੇ ਕੰਮ ਕਰਦੇ ਹਨ, ਖੁੱਲ੍ਹੇਆਮ ਜਾਂ ਲੁਕਵੇਂ ਰੂਪ ਵਿੱਚ।