Chandigarh,Sanjiv Mehta ਈਰਾਨ – ਇਜ਼ਰਾਈਲ ਤਣਾਅ ਦਰਮਿਆਨ ਈਰਾਨ ਵਿੱਚ ਸੁਸ਼ੋਭਿਤ ਸਿੱਖ ਗੁਰਦੁਆਰਿਆਂ,ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਅਤੇ ਸਿੱਖ ਭਾਈਚਾਰੇ ਦੀ ਸੁਰੱਖਿਆ ਨੂੰ ਫੌਰੀ ਯਕੀਨੀ ਬਣਾਇਆ ਜਾਵੇ – ਸ. ਸੁਖਜਿੰਦਰ ਸਿੰਘ ਰੰਧਾਵਾ

ਲੋਕ ਸਭਾ ਹਲਕਾ ਗੁਰਦਾਸਪੁਰ ਦੇ ਮੈਂਬਰ ਪਾਰਲੀਮੈਂਟ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਮੌਜੂਦਾ ਸਮੇਂ ਵਿੱਚ ਈਰਾਨ – ਇਜ਼ਰਾਈਲ ਤਣਾਅ ਦਰਮਿਆਨ ਈਰਾਨ ਵਿਚਲੇ ਸਿੱਖ ਗੁਰਦੁਆਰਾ ਸਾਹਿਬਾਨ, ਇਨ੍ਹਾਂ ਵਿੱਚ ਸਸ਼ੋਭਿਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਅਤੇ ਸਿੱਖ ਭਾਈਚਾਰੇ ਦੀ ਸੁਰੱਖਿਆ ਦਾ ਮੁੱਦਾ ਉਠਾਇਆ ਗਿਆ ਹੈ।

ਸਰਦਾਰ ਰੰਧਾਵਾ ਨੇ ਕਿਹਾ ਕਿ ਆਪਣੀਆਂ ਉਦਾਸੀਆਂ ਦੌਰਾਨ ਗੁਰੂ ਨਾਨਕ ਦੇਵ ਜੀ ਕਾਫ਼ੀ ਸਮਾਂ ਈਰਾਨ ਵਿੱਚ ਰਹੇ ਹਨ ਜਿਸ ਕਰਕੇ ਉਨ੍ਹਾਂ ਦੇ ਸ਼ਰਧਾਲੂਆਂ ਵੱਲੋਂ ਉਨ੍ਹਾਂ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਅਸਥਾਨਾਂ ਉੱਤੇ ਗੁਰਦੁਆਰੇ ਬਣਾਏ ਗਏ ਹਨ। ਜਿੱਥੇ ਇਨ੍ਹਾਂ ਗੁਰਦੁਆਰਿਆਂ ਵਿੱਚ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਸ਼ੋਭਿਤ ਹਨ ਉੱਥੇ ਗੁਰੂ ਸਾਹਿਬ ਨਾਲ ਜੁੜੀਆਂ ਅਨੇਕਾਂ ਚੀਜ਼ਾਂ ਅਤੇ ਵਿਰਾਸਤ ਨੂੰ ਈਰਾਨ ਵਿਚਲੇ ਪਾਵਨ ਗੁਰਦੁਆਰਾ ਸਾਹਿਬਾਨ ਵੱਲੋਂ ਸੰਭਾਲਿਆ ਗਿਆ ਹੈ।

ਉਨ੍ਹਾ ਕਿਹਾ ਕਿ ਮੌਜੂਦਾ ਸਮੇਂ ਵਿੱਚ ਈਰਾਨ ਅਤੇ ਇਜ਼ਰਾਈਲ ਵਿਚਕਾਰ ਬਣੇ ਯੁੱਧ ਵਰਗੇ ਹਲਾਤਾਂ ਕਰਕੇ ਸਮੁੱਚਾ ਸਿੱਖ ਜਗਤ ਗੁਰੂ ਸਾਹਿਬ ਨਾਲ ਜੁੜੀ ਇਸ ਪੰਥਕ ਵਿਰਾਸਤ ਅਤੇ ਉੱਥੇ ਰਹਿੰਦੇ ਸਿੱਖ ਭਾਈਚਾਰੇ ਦੀ ਸੁਰੱਖਿਆ ਬਾਰੇ ਬੇਹੱਦ ਫ਼ਿਕਰਮੰਦ ਹੈ। ਸੁਖਜਿੰਦਰ ਸਿੰਘ ਰੰਧਾਵਾ ਹੁਰਾਂ ਕਿਹਾ ਕਿ ਇਸ ਮਸਲੇ ਦੀ ਭਾਵੁਕਤਾ ਅਤੇ ਸੰਜ਼ੀਦਗੀ ਨੂੰ ਦੇਖਦੇ ਹੋਏ ਉਨ੍ਹਾਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੂੰ ਪੱਤਰ ਲਿਖ ਕੇ ਕੇਂਦਰ ਸਰਕਾਰ ਨੂੰ ਫੌਰੀ ਇਸ ਵੱਲ ਧਿਆਨ ਦੇਣ ਦੀ ਬੇਨਤੀ ਕੀਤੀ ਹੈ।

ਉਨ੍ਹਾ ਕਿਹਾ ਕਿ ਸਿੱਖ ਭਾਵਨਾਵਾਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਈਰਾਨ ਵਿੱਚ ਸੰਬੰਧਤ ਅਧਿਕਾਰੀਆਂ ਨਾਲ ਸੰਪਰਕ ਕਰਕੇ ਉਪਰੋਕਤ ਪਾਵਨ ਅਸਥਾਨਾਂ, ਉਥੇ ਸਸ਼ੋਭਿਤ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ,ਸਿੱਖ ਵਿਰਾਸਤ ਨਾਲ ਜੁੜੀਆਂ ਚੀਜ਼ਾਂ ਅਤੇ ਸਿੱਖ ਭਾਈਚਾਰੇ ਦੀ ਸੁਰੱਖਿਆ ਜਲਦ ਤੋਂ ਜਲਦ ਯਕੀਨੀ ਬਣਾਵੇ।

ਉਨ੍ਹਾ ਕਿਹਾ ਖਾਸ ਤਵੱਜੋਂ ਦੇਣ ਵਾਲਾ ਮਾਮਲਾ ਹੈ ਜੋ ਕਿ ਸਾਡੀ ਧਾਰਮਿਕ ਆਸਥਾ ਅਤੇ ਸਾਂਝੀ ਵਿਰਾਸਤ ਨਾਲ ਜੁੜਿਆ ਹੋਇਆ ਹੈ।